ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ ਵੱਲੋਂ ਮੂਲ ਅਨਾਜ ਦੀ ਵਰਤੋਂ ‘ਤੇ ਜ਼ੋਰ: ਬਲਤੇਜ ਪੰਨੂ

ਪਟਿਆਲਾ (ਦ ਸਟੈਲਰ ਨਿਊਜ਼)। ‘ਤੰਦਰੁਸਤ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਡੇ ਮੂਲ ਅਨਾਜ, ਜਿਨ੍ਹਾਂ ਨੂੰ ਮੋਟੇ ਅਨਾਜ ਵੀ ਕਿਹਾ ਜਾਂਦਾ ਹੈ, ਦੀ ਵਰਤੋਂ ਕਰਨ ‘ਤੇ ਜੋਰ ਦਿੰਦਿਆਂ ਇਨ੍ਹਾਂ ਅਨਾਜਾਂ ਨੂੰ ਪ੍ਰਫੁਲਤ ਕਰਨ ਲਈ ਵਚਨਬੱਧ ਹੈ।’ ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ ਨੇ ਕੀਤਾ।
ਉਹ ਕੌਮਾਂਤਰੀ ਮਿਲੇਟ ਸਾਲ-2023 ਦੇ ਮੱਦੇਨਜ਼ਰ ਫੂਡ ਸੇਫਟੀ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ (ਐਫ.ਡੀ.ਏ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ‘ਆਪਣਾ ਵਿਰਸਾ, ਮੂਲ ਅਨਾਜ ਈਟ ਰਾਈਟ ਮਿਲੇਟ ਮੇਲੇ ਤੇ ਵਾਕਾਥੋਨ’ ਦਾ ਉਦਘਾਟਨ ਕਰਨ ਮੌਕੇ ਇੱਥੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਇਸ ਮੌਕੇ ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਹਰ ਪੰਜਾਬੀ ਸਿਹਤਮੰਦ ਹੋਵੇਗਾ ਤਾਂ ਹੀ ਰੰਗਲਾ ਪੰਜਾਬ ਬਣ ਸਕੇਗਾ, ਇਸੇ ਲਈ ਪੰਜਾਬ ਸਰਕਾਰ ਲੋਕਾਂ ਨੂੰ ਮੋਟੇ ਅਨਾਜ ਖਾਣ ਪ੍ਰਤੀ ਜਾਗਰੂਕ ਕਰ ਰਹੀ ਹੈ ਪਟਿਆਲਾ ਦਾ ਮਿਲੇਟ ਮੇਲਾ ਇਸ ਵੱਲ ਵਧਾਇਆ ਇਕ ਸ਼ਲਾਘਾਯੋਗ ਕਦਮ ਹੈ। ਬਲਤੇਜ ਪੰਨੂ ਨੇ ਕਿਹਾ ਕਿ ਮੋਟੇ ਅਨਾਜਾਂ ਦੀ ਅੱਜ ਪੂਰੇ ਵਿਸ਼ਵ ਭਰ ‘ਚ ਚਰਚਾ ਛਿੜੀ ਹੈ ਅਤੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਕਣਕ ਝੋਨੇ ਤੋਂ ਬਦਲਵੀਆਂ ਫ਼ਸਲਾਂ ਬੀਜਣ ਦੀ ਅਪੀਲ ਕਰਦੇ ਹਨ, ਤਾਂ ਅਜਿਹੇ ‘ਚ ਮੂਲ ਤੇ ਮੋਟੇ ਅਨਾਜ, ਕਿਸਾਨਾਂ ਵੱਲੋਂ ਬਦਲਵੀਆਂ ਫ਼ਸਲਾਂ ਵਜੋਂ ਅਪਣਾਉਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੀ ਆਮਦਨ ਵੀ ਵਧ ਸਕੇ।
ਸਿਹਤ ਵਿਭਾਗ, ਨਿਟਉਟਰੀਲਾਈਟ ਐਮਵੇਅ ਤੇ ਐਫ਼.ਐਸ.ਐਸ.ਏ.ਆਈ ਦੇ ਸਹਿਯੋਗ ਨਾਲ ਕਰਵਾਏ ਇਸ ਮਿਲੇਟ ਮੇਲੇ ‘ਚ ਵਾਰਮ ਅੱਪ ਜ਼ੁੰਬਾ ਅਤੇ ਵਾਕਾਥੋਨ ਤੋਂ ਇਲਾਵਾ ਮਿਲੇਟਸ ਤੇ ਮੂਲ ਅਨਾਜ ‘ਤੇ ਅਧਾਰਤ ਵੱਖ-ਵੱਖ ਉਤਪਾਦਾਂ ਸਮੇਤ ਐਮਵੇਅ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ।ਇਸ ਮੌਕੇ ਕੇ.ਵੀ.ਕੇ. ਰੌਣੀ ਦੇ ਇੰਚਾਰਜ ਡਾ. ਗੁਰਉਪਦੇਸ਼ ਕੌਰ ਅਤੇ ਮੂਲ ਅਨਾਜ ‘ਤੇ ਅਧਾਰਤ ਇਲਾਜ ਪ੍ਰਣਾਲੀ ‘ਚ ਕੰਮ ਕਰ ਰਹੇ ਡਾ. ਅਨੁਪਮ ਆਜ਼ਾਦ ਨੇ ਮੂਲ ਅਨਾਜਾਂ ਕੁਟਕੀ, ਰਾਗੀ, ਕੋਦੋ, ਬਾਜਰਾ, ਜਵਾਰ, ਸੈਣਾ, ਪਾਵਨ ਆਦਿ ਅਪਣਾਉਣ ਦੇ ਲਾਭ ਦੱਸੇ। ਦੋਵਾਂ ਮਾਹਰਾਂ ਨੇ ਕਿਹਾ ਕਿ ਅੱਜ, ਜਿਸ ਤਰ੍ਹਾਂ ਜੀਵਨ ਸ਼ੈਲੀ ਬਿਮਾਰੀਆਂ, ਸ਼ੂਗਰ, ਬੀਪੀ. ਆਦਿ ਸ਼ੂਟ ਵੱਟ ਰਹੀਆਂ ਹਨ, ਤੋਂ ਬਚਾਅ ਲਈ ਹਰੀ ਕ੍ਰਾਂਤੀ ਤੋਂ ਪਹਿਲਾਂ ਦੇ ਸਾਡੇ ਖਾਣ-ਪਾਨ ਦਾ ਹਿੱਸਾ ਰਹੇ ਫਾਈਬਰ ਭਰਪੂਰ ਮੂਲ ਅਨਾਜਾਂ, ਮਿਲੇਟਸ ਵੱਲ ਸਾਨੂੰ ਪਰਤਣਾ ਹੀ ਪਵੇਗਾ।
ਇਸ ਮਿਲੇਟ ਮੇਲੇ ਦੇ ਨੋਡਲ ਅਫ਼ਸਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਦਾ ਮੁੱਖ ਮੰਤਵ ਮੂਲ ਅਨਾਜ ਭਾਵ ਮਿਲੇਟਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਰੋਜ਼ਾਨਾ ਆਪਣੇ ਜੀਵਨ ਵਿੱਚ ਮੂਲ ਅਨਾਜ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ, ਤਾਂ ਕਿ ਉਹ ਰੋਗਾਂ ਤੋਂ ਮੁਕਤ ਰਹਿ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ।
ਮਿਲੇਟ ਮੇਲੇ ‘ਚ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸੀਨੀਅਰ ਵਾਈਸ ਪ੍ਰੈਜੀਡੈਂਟ ਨੌਰਥ ਸਾਊਥ ਇੰਡੀਆ ਐਮਵੇਅ ਗੁਰਸ਼ਰਨ ਸਿੰਘ ਚੀਮਾ, ਕੰਟਰੋਲਰ ਲਾਇਸੈਂਸਿੰਗ ਅਥਾਰਟੀ ਡਾ. ਪ੍ਰੀਤੀ, ਫੂਡ ਸੇਫਟੀ ਐਂਡ ਡਰੱਗ ਐਡਮਨਿਸਟਰੇਸ਼ਨ ਦੇ ਸੰਯੁਕਤ ਕਮਿਸ਼ਨਰ ਮਨੋਜ ਖੋਸਲਾ, ਐਫਡੀਏ ਦੇ ਲੈਬ ਡਾਇਰੈਕਟਰ ਰਵਨੀਤ ਕੌਰ, ਸਿਵਲ ਸਰਜਨ ਡਾ. ਰਮਿੰਦਰ ਕੌਰ, ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਕੌਸ਼ਲ, ਡੀ.ਐਸ.ਪੀ. ਸੁਖਅੰਮ੍ਰਿਤ ਰੰਧਾਵਾ, ਐਫ.ਡੀ.ਏ ਦੇ ਸਹਾਇਕ ਕਮਿਸ਼ਨਰ ਰਾਖੀ ਵਿਨਾਇਕ, ਫੂਡ ਸੇਫਟੀ ਅਫ਼ਸਰ ਪੁਨੀਤ ਸ਼ਰਮਾ, ਬਲਵਿੰਦਰ ਸੈਣੀ, ਗੁਲਜ਼ਾਰ ਪਟਿਆਲਵੀ, ਹਰੀ ਚੰਦ ਬਾਂਸਲ, ਗੱਜਣ ਸਿੰਘ, ਕੁੰਦਨ ਗੋਗੀਆ, ਲਾਲ ਸਿੰਘ, ਪਰਦੀਪ ਸ਼ਰਮਾ, ਅੰਮ੍ਰਿਤਵੀਰ ਭਾਟੀਆ ਸਮੇਤ ਵੱਡੀ ਗਿਣਤੀ ਪਟਿਆਲਵੀ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here